Monday, August 31, 2009

ਸੁਖਿੰਦਰ – 18 ਮਹੀਨੇ ਬੀਤਣ ਤੇ ਵੀ ਇੰਡੀਆ ਬੈਠੇ ਪ੍ਰਕਾਸ਼ਕ ਨੇ ਕਿਤਾਬਾਂ ਨਾ ਭੇਜੀਆਂ - ਖ਼ਤ

18 ਮਹੀਨੇ ਬੀਤਣ ਤੇ ਵੀ ਇੰਡੀਆ ਬੈਠੇ ਪ੍ਰਕਾਸ਼ਕ ਨੇ ਕਿਤਾਬਾਂ ਨਾ ਭੇਜੀਆਂ

ਵਿਚਾਰ-ਚਰਚਾ ਲਈ ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੇ ਨਾਮ ਇੱਕ ਖੁੱਲ੍ਹਾ ਖ਼ਤ :

ਗੱਲ ਕੋਈ ਵੱਡੀ ਵੀ ਨਹੀਂ, ਪਰ......ਦੋਸਤੋ : ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਅਤੇ ਇਸ ਨਾਲ ਸਬੰਧਤ ਸਮੱਸਿਆਵਾਂ ਬਾਰੇ ਵੱਖੋ ਵੱਖ ਮੰਚਾਂ ਰਾਹੀਂ ਸਾਡੇ ਸਮਿਆਂ ਵਿੱਚ, ਅਕਸਰ, ਬਹਿਸ ਛਿੜਦੀ ਹੀ ਰਹਿੰਦੀ ਹੈ। ਵਿਸ਼ਵ ਪੰਜਾਬੀ ਕਾਨਫਰੰਸਾਂ, ਯੂਨੀਵਰਸਿਟੀਆਂ ਦੇ ਸੈਮੀਨਾਰਾਂ, ਸਾਹਿਤ ਸਭਾਵਾਂ ਦੀਆਂ ਬੈਠਕਾਂ ਅਤੇ ਅਖਬਾਰਾਂ / ਮੈਗਜ਼ੀਨਾਂ / ਰੇਡੀਓ / ਟੈਲੀਵੀਜ਼ਨਾਂ ਦੇ ਮਾਧਿਅਮਾਂ ਰਾਹੀਂ ਵੀ ਇਸ ਵਿਸ਼ੇ ਨੂੰ ਕਾਫੀ ਰਿੜਕਿਆ ਜਾਂਦਾ ਹੈ।

----

ਇਨ੍ਹਾਂ ਬਹਿਸਾਂ ਵਿੱਚ ਅਨੇਕਾਂ ਵਾਰ ਅਸੀਂ ਹਿੰਦੁਸਤਾਨ ਦੇ ਪੰਜਾਬੀ ਲੇਖਕਾਂ / ਆਲੋਚਕਾਂ ਵੱਲੋਂ ਇਹ ਇਤਰਾਜ਼ ਸੁਣਦੇ ਹਾਂ ਕਿ ਬਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕ ਡਾਲਰਾਂ / ਪੌਂਡਾਂ ਦੇ ਜ਼ੋਰ ਨਾਲ ਆਪਣੀਆਂ ਘਟੀਆ ਲਿਖਤਾਂ ਛਪਵਾ ਲੈਂਦੇ ਹਨ; ਜਦੋਂ ਕਿ ਹਿੰਦੁਸਤਾਨ ਦੇ ਅਨੇਕਾਂ ਲੇਖਕਾਂ ਦੀਆਂ ਚੰਗੀਆਂ ਲਿਖਤਾਂ ਵੀ ਛਪਣ ਤੋਂ ਰਹਿ ਜਾਂਦੀਆਂ ਹਨ। ਕਿਉਂਕਿ ਹਿੰਦੁਸਤਾਨ ਦੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਇਤਨੇ ਲਾਲਚੀ ਹੋ ਚੁੱਕੇ ਹਨ ਕਿ ਉਹ ਹਿੰਦੁਸਤਾਨ ਦੇ ਪੰਜਾਬੀ ਲੇਖਕਾਂ ਵੱਲੋਂ ਲਿਖੀਆਂ ਗਈਆਂ ਜਿਹੜੀਆਂ ਪੁਸਤਕਾਂ ਦੇ ਛਾਪਣ ਲਈ ਮੂੰਹ ਮੰਗੇ ਪੈਸੇ ਨਹੀਂ ਲੈ ਸਕਦੇ ਉਨ੍ਹਾਂ ਪੁਸਤਕਾਂ ਨੂੰ ਛਾਪਣ ਦੇ ਉਹ ਬਹਾਨੇ ਮਾਰਦੇ ਰਹਿੰਦੇ ਹਨ - ਭਾਵੇਂ ਉਹ ਪੁਸਤਕਾਂ ਕਿੰਨੀਆਂ ਵੀ ਵਧੀਆ ਕਿਉਂ ਨਾ ਲਿਖੀਆਂ ਗਈਆਂ ਹੋਣ।

----

ਇਸ ਵਿਸ਼ੇ ਬਾਰੇ ਮੈਂ ਕੁਝ ਮਹੀਨੇ ਪਹਿਲਾਂ ਵੀ ਇਹ ਨੁਕਤਾ ਪੇਸ਼ ਕੀਤਾ ਸੀ ਕਿ ਪੰਜਾਬੀ ਲੇਖਕਾਂ ਨੂੰ ਪੇਸ਼ ਆ ਰਹੀ ਇਸ ਸਮੱਸਿਆ ਨੂੰ ਪੰਜਾਬੀ ਲੇਖਕਾਂ ਦੇ ਅਦਾਰਿਆਂ ਵੱਲੋਂ ਅੰਤਰ-ਰਾਸ਼ਟਰੀ ਪੱਧਰ ਉੱਤੇ ਚਰਚਾ ਦਾ ਵਿਸ਼ਾ ਬਣਾਇਆ ਜਾਣਾ ਚਾਹੀਦਾ ਹੈ। ਇਹ ਵਿਸ਼ਾ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ, ਇੰਡੀਆ ਵਿੱਚ ਡਾ. ਦੀਪਕ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਸਥਾਪਤ ਕੀਤੇ ਗਏ ਵਰਲਡ ਪੰਜਾਬੀ ਸੈਂਟਰਵੱਲੋਂ ਨਵੰਬਰ 2009 ਵਿੱਚ ਆਯੋਜਿਤ ਕੀਤੀ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸਵਿੱਚ ਵੀ ਖੁੱਲ੍ਹ ਕੇ ਵਿਚਾਰਿਆ ਜਾਣਾ ਚਾਹੀਦਾ ਹੈ।

----

ਇਸ ਨੁਕਤੇ ਨੂੰ ਹਿੰਦੁਸਤਾਨ, ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਯੌਰਪੀਅਨ ਦੇਸ਼ਾਂ ਦੀਆਂ ਪੰਜਾਬੀ ਸਾਹਿਤ ਸਭਾਵਾਂ ਵਿੱਚ ਵੀ ਵਿਚਾਰਿਆ ਜਾਣਾ ਚਾਹੀਦਾ ਹੈ। ਇਸ ਵਿਸ਼ੇ ਬਾਰੇ ਚਰਚਾ ਛੇੜਨ ਵੇਲੇ ਇਸ ਗੱਲ ਨੂੰ ਵੀ ਵਿਚਾਰਿਆ ਜਾਵੇ ਕਿ ਹਿੰਦੁਸਤਾਨ ਦੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਸਿਰਫ ਹਿੰਦੁਸਤਾਨ ਦੇ ਲੇਖਕਾਂ ਨਾਲ ਹੀ ਮਾੜਾ ਵਰਤਾਓ ਨਹੀਂ ਕਰਦੇ ਉਹ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਨਾਲ ਵੀ ਮਾੜਾ ਵਰਤਾਓ ਕਰਦੇ ਹਨ। ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਨਾਲ ਤਾਂ ਬਲਕਿ ਦੂਹਰਾ ਮਾੜਾ ਵਰਤਾਓ ਕਰਦੇ ਹਨ। ਹਿੰਦੁਸਤਾਨ ਦੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਨਾਲ ਨਾ ਸਿਰਫ ਮਾੜਾ ਵਰਤਾਓ ਹੀ ਕਰਦੇ ਹਨ; ਬਲਕਿ ਉਹ ਬਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਵੱਲੋਂ ਮਿਹਨਤ ਨਾਲ ਕਮਾਏ ਡਾਲਰ / ਪੌਂਡ ਵੀ ਬੜੀ ਬੇਸ਼ਰਮੀ ਨਾਲ ਲੁੱਟਦੇ ਹਨ।

----

ਆਪਣੀ ਗੱਲ ਨੂੰ ਹੋਰ ਵਧੇਰੇ ਤਰਕਸ਼ੀਲ ਬਣਾਉਣ ਲਈ ਇਸ ਸਬੰਧ ਵਿੱਚ ਮੈਂ ਆਪਣੇ ਨਾਲ ਬੀਤੀ ਇੱਕ ਤਾਜ਼ੀ ਘਟਨਾ ਦਾ ਵਿਸਥਾਰ ਪੇਸ਼ ਕਰਨਾ ਚਾਹਾਂਗਾ; ਤਾਂ ਜੋ ਆਪਣੀ ਗੱਲ ਨੂੰ ਹੋਰ ਵਧੇਰੇ ਸਪੱਸ਼ਟ ਕੀਤਾ ਜਾ ਸਕੇ। ਇੰਡੀਆ ਵਿੱਚ ਸਥਿਤ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ (ਮਾਲਕ: ਹਰੀਸ਼ ਜੈਨ / ਰੋਹਿਤ ਜੈਨ) ਨੇ 2008 ਵਿੱਚ ਮੇਰਾ ਕਾਵਿ-ਸੰਗ੍ਰਹਿ ਗਲੋਬਲੀਕਰਨਪ੍ਰਕਾਸ਼ਤ ਕੀਤਾ ਸੀ। ਇਸ ਦੇ ਬਦਲੇ ਵਿੱਚ ਮੈਂ ਲੋਕਗੀਤ ਪ੍ਰਕਾਸ਼ਨ ਨੂੰ ਤਕਰੀਬਨ 800 ਡਾਲਰ ਭੇਜੇ ਸਨ। ਜਿਸ ਵਿੱਚ ਮੈਨੂੰ ਮੇਰੇ ਹਿੱਸੇ ਦੀਆਂ ਕਿਤਾਬਾਂ ਕੈਨੇਡਾ ਭੇਜਣ ਦਾ ਖਰਚਾ ਵੀ ਸ਼ਾਮਿਲ ਸੀ। ਇਹ ਡਾਲਰ ਮੈਂ ਕੈਨੇਡਾ ਦੇ ਪ੍ਰਸਿੱਧ ਬੈਂਕ ਟੀਡੀ ਕੈਨੇਡਾ ਟਰੱਸਟ ਰਾਹੀਂ ਬੈਂਕ ਡਰਾਫਟਾਂ ਦੇ ਰੂਪ ਵਿੱਚ ਭੇਜੇ ਸਨ। ਜਿਸ ਦੀਆਂ ਰਸੀਦਾਂ ਮੇਰੇ ਕੋਲ ਮੌਜੂਦ ਹਨ। ਇਹ ਡਾਲਰ ਹਰੀਸ਼ ਜੈਨ / ਰੋਹਿਤ ਜੈਨ ਦੀ ਕੰਪਨੀ ਤਕਰੀਬਨ 18 ਮਹੀਨੇ ਪਹਿਲਾਂ ਵਸੂਲ ਕਰ ਚੁੱਕੀ ਹੈ। ਪਿਛਲੇ 18 ਮਹੀਨਿਆਂ ਵਿੱਚ ਮੈਨੂੰ ਮੇਰੀ ਪੁਸਤਕ ਦੀਆਂ ਸਿਰਫ 2 ਕਾਪੀਆਂ ਹੀ ਮਿਲੀਆਂ ਹਨ। ਮੈਂ ਹਰੀਸ਼ ਜੈਨ / ਰੋਹਿਤ ਜੈਨ ਨੂੰ ਅਨੇਕਾਂ ਵਾਰ ਈਮੇਲਾਂ ਭੇਜ ਚੁੱਕਾਂ ਹਾਂ ਅਤੇ ਟੈਲੀਫੂਨ ਉੱਤੇ ਵੀ ਗੱਲ ਕਰ ਚੁੱਕਾ ਹਾਂ। ਲੋਕਗੀਤ ਪ੍ਰਕਾਸ਼ਨ ਨੇ ਮੇਰੇ ਡਾਲਰਾਂ ਨਾਲ ਪੁਸਤਕ ਛਾਪ ਕੇ ਵੇਚ ਵੀ ਲਈ ਹੈ ਅਤੇ ਇਸ ਪੁਸਤਕ ਤੋਂ ਮੇਰੇ ਭੇਜੇ ਡਾਲਰਾਂ ਤੋਂ ਇਲਾਵਾ ਵੀ ਕਮਾਈ ਕਰ ਲਈ ਹੈ ਪਰ ਮੈਨੂੰ ਮੇਰੇ ਹਿੱਸੇ ਦੀਆਂ ਕਾਪੀਆਂ ਦੇਣ ਲਈ ਉਹ ਤਿਆਰ ਨਹੀਂ? ਅਸੀਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਲੇਖਕ ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਹਿੰਦੁਸਤਾਨ ਦੇ ਪ੍ਰਕਾਸ਼ਕਾਂ ਦੀ ਆਰਥਿਕ ਮੱਦਦ ਕਰਦੇ ਹਾਂ ਤਾਂ ਜੋ ਪੰਜਾਬੀ ਦੀਆਂ ਪੁਸਤਕਾਂ ਵਧੀਆ ਢੰਗ ਨਾਲ ਪ੍ਰਕਾਸ਼ਿਤ ਹੋ ਸਕਣ। ਪਰ ਹਿੰਦੁਸਤਾਨ ਦੇ ਪ੍ਰਕਾਸ਼ਕ ਸਾਡੇ ਨਾਲ ਅਜਿਹਾ ਘਟੀਆ ਵਤੀਰਾ ਕਿਉਂ ਕਰਦੇ ਹਨ ਇਹ ਗੱਲ ਸਾਡੇ ਲਈ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਲਈ ਸਮਝਣੀ ਮੁਸ਼ਕਿਲ ਹੈ?

-----

ਮੈਂ ਇਹ ਵੀ ਜਾਣਦਾ ਹਾਂ ਕਿ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਦਾ ਮਾਲਕ ਹਰੀਸ਼ ਜੈਨ ਇੱਕ ਅਮੀਰ ਆਦਮੀ ਹੈ। ਉਸ ਲਈ 800 ਡਾਲਰ ਦੀ ਇਹ ਛੋਟੀ ਜਿਹੀ ਰਾਸ਼ੀ ਕੋਈ ਖ਼ਾਸ ਅਹਿਮੀਅਤ ਨਹੀਂ ਰੱਖਦੀ। ਇੰਨੀ ਕੁ ਰਾਸ਼ੀ ਸਾਡੇ ਲਈ ਵੀ ਕੋਈ ਖਾਸ ਅਹਿਮੀਅਤ ਨਹੀਂ ਰੱਖਦੀ। ਸਵਾਲ ਸਿਰਫ ਇੰਨਾ ਕੁ ਹੈ ਕਿ ਹਿੰਦੁਸਤਾਨ ਦੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਬਦੇਸ਼ਾਂ ਵਿੱਚ ਬੈਠੇ ਪੰਜਾਬੀ ਲੇਖਕਾਂ ਨਾਲ ਇਸ ਤਰ੍ਹਾਂ ਦਾ ਘਟੀਆ ਵਤੀਰਾ ਕਿਉਂ ਕਰਦੇ ਹਨ?

-----

ਮੈਂ ਇਸ ਵਿਸ਼ੇ ਬਾਰੇ ਕੈਨੇਡਾ ਦੇ ਪ੍ਰਸਿੱਧ ਪੰਜਾਬੀ ਲੇਖਕਾਂ ਸੁਖਮਿੰਦਰ ਰਾਮਪੁਰੀ (ਓਨਟਾਰੀਓ), ਗੁਰਦੇਵ ਚੌਹਾਨ (ਓਨਟਾਰੀਓ), ਗੁਰਦਿਆਲ ਕੰਵਲ (ਓਨਟਾਰੀਓ), ਮਿੱਤਰ ਰਾਸ਼ਾ (ਓਨਟਾਰੀਓ), ਰਵਿੰਦਰ ਰਵੀ (ਬ੍ਰਿਟਿਸ਼ ਕੋਲੰਬੀਆ), ਜਸਬੀਰ ਕਾਲਰਵੀ (ਓਨਟਾਰੀਓ) ਅਤੇ ਇਕਬਾਲ ਖ਼ਾਨ (ਅਲਬਰਟਾ) ਨਾਲ ਵਿਚਾਰ ਵਿਟਾਂਦਰਾ ਕਰ ਚੁੱਕਾ ਹਾਂ। 25, 26, 27 ਜੁਲਾਈ , 2009 ਨੂੰ ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋਦੌਰਾਨ ਹਿੰਦੁਸਤਾਨ ਤੋਂ ਆਏ ਪੰਜਾਬੀ ਲੇਖਕਾਂ ਡਾ. ਸੁਤਿੰਦਰ ਸਿੰਘ ਨੂਰ (ਦਿੱਲੀ), ਡਾ. ਵਨੀਤਾ (ਦਿੱਲੀ), ਡਾ. ਭਗਵੰਤ ਸਿੰਘ (ਪਟਿਆਲਾ) ਅਤੇ ਡਾ. ਰਵਿੰਦਰ ਕੌਰ (ਲੁਧਿਆਣਾ) ਨਾਲ ਵੀ ਇਸ ਵਿਸ਼ੇ ਨੂੰ ਵਿਚਾਰਨ ਦਾ ਮੌਕਾ ਮਿਲਿਆ ਹੈ।

-----

ਕੈਨੇਡਾ ਦੇ ਪੰਜਾਬੀ ਲੇਖਕਾਂ ਦਾ ਇਹ ਮੱਤ ਹੈ ਕਿ ਹਿੰਦੁਸਤਾਨ ਦੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਨਾਲ ਇਸ ਕਰਕੇ ਮਾੜਾ ਵਰਤਾਓ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਲੇਖਕਾਂ ਕੋਲ ਇੰਨਾਂ ਸਮਾਂ ਹੀ ਨਹੀਂ ਹੁੰਦਾ ਕਿ ਉਹ ਹਿੰਦੁਸਤਾਨ ਦੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕਾਂ ਵਿਰੁੱਧ ਹਿੰਦੁਸਤਾਨ ਵਿੱਚ ਜਾ ਕੇ ਕੋਈ ਕਾਰਵਾਈ ਕਰ ਸਕਣ। ਮੇਰੇ ਸਾਹਿਤਕਾਰ ਦੋਸਤਾਂ ਸੁਖਮਿੰਦਰ ਰਾਮਪੁਰੀ ਅਤੇ ਕੁਝ ਹੋਰਨਾਂ ਨੇ ਮੈਨੂੰ ਇਹ ਸਲਾਹ ਦਿੱਤੀ ਹੈ ਕਿ ਇਸ ਸਬੰਧ ਵਿੱਚ ਮੇਰੇ ਵੱਲੋਂ ਕੇਂਦਰੀ ਪੰਜਾਬੀ ਸਾਹਿਤ ਸਭਾ, ਪੰਜਾਬ, ਇੰਡੀਆ ਅਤੇ ਹੋਰਨਾਂ ਪੰਜਾਬੀ ਅਦਾਰਿਆਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕਾਂ ਵੱਲੋਂ ਦਿਖਾਏ ਜਾ ਰਹੇ ਮਾੜੇ ਵਤੀਰੇ ਨੂੰ ਕੇਂਦਰੀ ਪੰਜਾਬੀ ਸਾਹਿਤ ਸਭਾ ਦੇ ਕਿਸੇ ਸੈਸ਼ਨ ਵਿੱਚ ਖੁੱਲ੍ਹ ਕੇ ਵਿਚਾਰਿਆ ਜਾ ਸਕੇ।

-----

ਮੇਰੇ ਵੱਲੋਂ ਪੰਜਾਬੀ ਅਖਬਾਰਾਂ / ਮੈਗਜ਼ੀਨਾਂ / ਵੈੱਬਸਾਈਟਾਂ / ਪੰਜਾਬੀ ਬਲਾਗਾਂ ਨੂੰ ਖੁੱਲ੍ਹ੍ਹ ਹੈ ਕਿ ਉਹ ਮੇਰਾ ਇਹ ਖੁੱਲ੍ਹਾ ਖ਼ਤ ਪ੍ਰਕਾਸ਼ਿਤ ਕਰ ਸਕਦੇ ਹਨ, ਤਾਂ ਜੋ ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਵਿੱਚ ਇਸ ਵਿਸ਼ੇ ਬਾਰੇ ਵੀ ਖੁੱਲ੍ਹ ਕੇ ਬਹਿਸ ਛਿੜ ਸਕੇ। ਕਿਸੇ ਵੀ ਦੇਸ਼ ਦੇ ਪੰਜਾਬੀ ਲੇਖਕਾਂ ਨਾਲ ਜੇਕਰ ਕਿਸੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਨੇ ਅਜਿਹਾ ਘਟੀਆ ਵਤੀਰਾ ਦਿਖਾਇਆ ਹੈ ਤਾਂ ਉਹ ਮੈਨੂੰ ਸਿੱਧਾ ਖ਼ਤ ਵੀ ਲਿਖ ਸਕਦੇ ਹਨ। ਉਨ੍ਹਾਂ ਦੇ ਵਿਚਾਰ ਅਸੀਂ ਆਪਣੇ ਮੈਗਜ਼ੀਨ ਸੰਵਾਦਦੇ ਦਿਵਾਲੀਅੰਕ ਵਿੱਚ ਵੀ ਪ੍ਰਕਾਸ਼ਿਤ ਕਰ ਸਕਾਂਗੇ।

ਧੰਨਵਾਦ ਸਹਿਤ-

ਤੁਹਾਡਾ ਅਪਣਾ,

ਸੁਖਿੰਦਰ,

ਸੰਪਾਦਕ: ਸੰਵਾਦ


Text selection Lock by Hindi Blog Tips