Saturday, September 12, 2009

ਸੰਤੋਖ ਧਾਲੀਵਾਲ - ਉੱਚੇ ਪਹਾੜਾਂ ਦੀ ਟੀਸੀ ਤੇ ਪੈਰ ਰੱਖਣੇ ਬੜੇ ਦੁਸ਼ਵਾਰ ਹੁੰਦੇ ਹਨ, ਪਰ...

ਬੇਟੇ ਤਮੰਨਾ

ਇਹ ਇੱਕ ਇਤਫ਼ਾਕ ਹੀ ਹੋਇਆ ਹੈ ਸ਼ਾਇਦ ਕਿ ਮੈਨੂੰ ਆਰਸੀ ਦਾ ਲਿੰਕ ਨਿੱਘੇ ਦੋਸਤ ਰਾਹੀਂ ਮਿਲਿਆਤੇਰੀ ਇਮਾਨਦਾਰੀ ਤੇ ਬੇਲਾਗ ਸੋਚਣੀ ਨੇ ਰੂਹ ਦੇ ਪੈਂਡਿਆਂ ਤੋਂ ਭੁਲੇਖਿਆਂ ਦੇ ਕਈ ਮੀਲ ਪੱਥਰਾਂ ਤੇ ਲਿਖੀਆਂ ਸਵਾਰਥੀ ਤੇ ਸ਼ੋਹਰਤੀ ਇਬਾਰਤਾਂ ਤੋਂ ਰੁਖ਼ਸਤੀ ਲੈ ਮੁੜ ਸੱਚੀਆਂ ਮੰਜ਼ਲਾਂ ਤੇ ਨਜ਼ਰਾਂ ਗੱਡ ਲਈਆਂ ਹਨਉੱਚੇ ਪਹਾੜਾਂ ਦੀ ਟੀਸੀ ਤੇ ਪੈਰ ਰੱਖਣੇ ਬੜੇ ਦੁਸ਼ਵਾਰ ਹੁੰਦੇ ਹਨ, ਪਰ ਨਾਲ ਜੇ ਕੋਈ ਉੱਥੇ ਪਹੁੰਚ ਜਾਂਦਾ ਹੈ ਤਾਂ ਥੱਲੇ ਜੋ ਅਦਭੁੱਤ ਨਜ਼ਾਰਿਆਂ ਨੂੰ ਵੇਖ ਕੇ ਸਰਸ਼ਾਰੀਆਂ ਦੀਆਂ ਕੋਮਲ ਕਲਾਈਆਂ ਨਾਲ ਹਸਦੀਆਂ ਰੁੱਤਾਂ ਵਣਜਦਾ ਹੈ ਇਹ ਇੱਕ ਚਮਤਕਾਰ ਹੋ ਨਿਬੜਦਾ ਹੈ

ਅੰਕਲ

ਸੰਤੋਖ ਧਾਲੀਵਾਲ

ਯੂ.ਕੇ.

========

ਸਤਿਕਾਰਤ ਅੰਕਲ ਧਾਲੀਵਾਲ ਸਾਹਿਬ!

ਸਤਿ ਸ੍ਰੀ ਅਕਾਲ!

ਆਸ ਹੈ ਕਿ ਚੜ੍ਹਦੀ ਕਲਾ ਚ ਹੋਵੋਂਗੇ। ਮੈਂ ਮੁਆਫ਼ੀ ਚਾਹੁੰਦੀ ਹਾਂ ਕਿ ਰੁਝੇਵਿਆਂ ਕਾਰਣ ਤੁਹਾਡਾ ਜੁਲਾਈ 14, 2009 ਨੂੰ ਘੱਲਿਆ ਇਹ ਖ਼ਤ ਨੂੰ ਆਰਸੀ ਤੇ ਪੋਸਟ ਕਰਨਾ ਹੀ ਭੁੱਲ ਗਈ ਸੀ। ਜਿੰਨੇ ਖ਼ੂਬਸੂਰਤ ਸ਼ਬਦਾਂ ਨਾਲ਼ ਤੁਸੀਂ ਮੇਰੀ ਹੌਸਲਾ-ਅਫ਼ਜ਼ਾਈ ਕੀਤੀ ਹੈ, ਜਦੋਂ ਮੈਂ ਉਹਨਾਂ ਸ਼ਬਦਾਂ ਨੂੰ ਤਲੀਆਂ ਤੇ ਰੱਖ ਕੇ ਪੜ੍ਹਿਆ ਤਾਂ ਚਾਰੋਂ-ਤਰਫ਼ ਚੰਬੇ ਦੀਆਂ ਕਲੀਆਂ ਮਹਿਕ ਪਈਆਂ, ਮੈਨੂੰ ਧੁੰਦ ਚੋਂ ਰਾਹ ਨਜ਼ਰ ਆ ਗਿਆ, ਜਿੱਥੇ ਤੁਹਾਡੇ ਮੋਹ ਅਤੇ ਅਗਵਾਈ ਨਾਲ਼ ਆਪਾਂ ਸਭ ਨੇ ਰਲ਼ ਕੇ ਪਹੁੰਚਣਾ ਹੈ। ਸ਼ੇਖ਼ ਸ਼ਾਅਦੀ ਸਾਹਿਬ ਦੀ ਇੱਕ ਲਿਖੀ ਇੱਕ ਗੱਲ ਚੇਤੇ ਆਉਂਦੀ ਹੁੰਦੀ ਐ ਕਿ ਜੇ ਇਸ਼ਕ ਦੇ ਬਿੱਖੜੇ ਪੈਂਡਿਆਂ ਤੇ ਚੱਲ ਹੀ ਪਿਆ ਏਂ, ਤਾਂ ਪਿੱਛੇ ਮੁੜ ਕੇ ਨਾ ਤੱਕੀਂ ....ਬੱਸ ਫ਼ਨਾਅ ਹੋ ਜਾਹ। ਇਸ ਸਾਹਿਤਕ ਇਸ਼ਕ ਦੀ ਰਾਹ ਚ ਮੈਂ ਜਿੱਥੇ ਵੀ ਪੈਰ ਧਰੇ ਨੇ...ਤੁਹਾਡੀ ਸਭ ਦੀ ਮੁਹੱਬਤ ਨੇ ਮੇਰੀਆਂ ਨਜ਼ਰਾਂ ਨੂੰ ਹੋਰ ਚਮਕ ਬਖ਼ਸ਼ੀ ਅਤੇ ਹੱਥਾਂ-ਪੈਰਾਂ ਨੂੰ ਚਲਦੇ ਰਹਿਣ ਲਈ ਹੋਰ ਬਲ। ਅੱਖਾਂ ਭਰ ਆਈਆਂ ਨੇ....ਬਾਕੀ ਕਦੇ ਫੇਰ ਸਹੀ! ਆਸ਼ੀਰਵਾਦ ਘੱਲਦੇ ਰਿਹਾ ਕਰੋ।

ਅਦਬ ਸਹਿਤ

ਤਨਦੀਪ ਤਮੰਨਾ



Text selection Lock by Hindi Blog Tips